ਪੰਜਾਬ ਦੇ ਸਭ ਤੋਂ ਵੱਡੇ ਗੈਂਗਸਟਰਾਂ ‘ਚੋਂ ਇੱਕ ਜੱਗੂ ਭਗਵਾਨ ਪੁਰੀਆ ਨੂੰ ਕਪੂਰਥਲਾ ਜੇਲ੍ਹ ਤੋਂ ਬਠਿੰਡਾ ਜੇਲ੍ਹ ਸ਼ਿਫਟ ਕੀਤਾ ਜਾ ਰਿਹਾ ਹੈ। ਉਸ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਤੇ ਪੰਜਾਬ ਪੁਲਿਸ ਦੇ ਡੀ ਜੀ ਪੀ ਅਤੇ ਜੇਲ੍ਹ ਵਿਭਾਗ ਨੂੰ ਈ-ਮੇਲ ਰਾਹੀਂ ਇਹ ਖਦਸ਼ਾ ਜ਼ਾਹਰ ਕੀਤਾ ਹੈ ਕਿ ਉਸ ਨੂੰ ਕਪੂਰਥਲਾ ਤੋਂ ਬਠਿੰਡਾ ਲਿਜਾਂਦਿਆਂ ਰਾਹ ‘ਚ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ ‘ਤੇ ਪੰਜਾਬ ਪੁਲਿਸ ਫੇਕ ਐਨਕਾਊਂਟਰ ‘ਚ ਮਾਰ ਸਕਦੀ ਹੈ ਅਤੇ ਨਾਲ ਹੀ ਬਠਿੰਡਾ ਜੇਲ੍ਹ ‘ਚ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਹੀ ਸ਼ਿਫਟ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੱਗੂ ਭਗਵਾਨਪੁਰੀਆ ਨੇ ਇਸ ਤੋਂ ਪਹਿਲਾਂ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ‘ਚ ਇਹ ਰਿੱਟ ਦਾਇਰ ਕੀਤੀ ਸੀ ਜਿਸ ‘ਚ ਉਸ ਨੇ ਬਠਿੰਡਾ ਜੇਲ੍ਹ ‘ਚ ਨਾ ਸ਼ਿਫਟ ਕਰਨ ਬਾਰੇ ਅਪੀਲ ਕੀਤੀ ਸੀ ਕਿਉਂਕਿ ਉਸ ਨੂੰ ਬਠਿੰਡਾ ਜੇਲ੍ਹ ‘ਚ ਲਾਰੈਂਸ ਗਰੁੱਪ ਖਤਮ ਕਰ ਸਕਦਾ ਹੈ, ਜਿਸ ‘ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਸਟਿਸ ਵਿਕਾਸ ਸੂਰੀ ਨੇ ਪੰਜਾਬ ਸਰਕਾਰ ਨੂੰ 10 Days ਵਿਚ ਫੈਸਲਾ ਲੈ ਕੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਸੀ, ਜੇ ਸੂਤਰਾਂ ਦੀ ਮੰਨੀਏ ਤਾਂ ਇਸ ਬਾਰੇ ਜੱਗੂ ਭਗਵਾਨਪੁਰੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਮਾਮਲੇ ਬਾਰੇ ਜਿਥੇ ਸੋਮਵਾਰ ਜਾਂ ਮੰਗਲਵਾਰ ਨੂੰ ਅਦਾਲਤੀ ਮਾਣਹਾਨੀ COCP ਦੀ ਸੁਣਵਾਈ ਹੋਵੇਗੀ ਉਥੇ ਹੀ ਜੱਗੂ ਭਗਵਾਨਪੁਰੀਆ ਵੱਲੋਂ ਪਾਈ ਇੱਕ ਹੋਰ ਰਿੱਟ ਦੀ ਵੀ ਸੁਣਵਾਈ ਹੋ ਸਕਦੀ ਹੈ।
ਇਸ ਸੰਬੰਧੀ ਜੇਲ੍ਹ ਵਿਭਾਗ ਦੇ ਡੀ ਜੀ ਪੀ ਅਰੁਣਪਾਲ ਸਿੰਘ ਅਤੇ ਕਪੂਰਥਲਾ ਦੇ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਇਸ ਸਬੰਧੀ ਕੋਈ ਵੀ ਪੱਖ ਸਾਹਮਣੇ ਨਹੀਂ ਆ ਸਕਿਆ। ਉਥੇ ਹੀ ਜੱਗੂ ਭਗਵਾਨਪੁਰੀਆ ਦੇ ਵਕੀਲ ਡਾ. ਸ਼ੈੱਲੀ ਸ਼ਰਮਾ, ਆਰ ਕਾਰਤਿਕਾ ਆਈਅਰ ਨੇ ਪੰਜਾਬ ਸਰਕਾਰ, ਜੇਲ੍ਹ ਵਿਭਾਗ ਅਤੇ ਪੰਜਾਬ ਪੁਲਿਸ ਨੂੰ ਈ-ਮੇਲ ਕਰਕੇ ਮਾਰੇ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਹੈ।