Latest News

*ਵਿਜੀਲੈਂਸ ਬਿਊਰੋ ਨੇ ਗੈਰ ਕਾਨੂੰਨੀ ਹਿਰਾਸਤ ਬਦਲੇ 50,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣੇਦਾਰ ਤੇ ਹੌਲਦਾਰ ਨੂੰ ਕੀਤਾ ਕਾਬੂ*

By RAJESH KAPIL,EDITOR

Published on 01 Mar, 2023 08:11 PM.

ਜਲੰਧਰ/ਚੰਡੀਗੜ੍ਹ। ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਭ੍ਰਿਸ਼ਟਾਚਾਰ ਵਿਰੋਧ ਵਿੱਢੀ ਮੁਹਿੰਮ ਦੌਰਾਨ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੇ ਇੱਕ ਸਬ ਇੰਸਪੈਕਟਰ (ਐਸਆਈ) ਰਛਪਾਲ ਸਿੰਘ, ਜੋ ਪਹਿਲਾਂ ਉਥੇ ਥਾਣੇਦਾਰ ਲੱਗਾ ਸੀ ਅਤੇ ਹੌਲਦਾਰ ਸੁਖਜੀਤ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ।

 

 

 

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਐਸ.ਆਈ. ਰਛਪਾਲ ਸਿੰਘ, ਜੋ ਕਿ ਹੁਣ ਪੁਲਿਸ ਲਾਈਨ ਕਪੂਰਥਲਾ ਵਿੱਚ ਤਾਇਨਾਤ ਹੈ ਅਤੇ ਹੌਲਦਾਰ ਨੂੰ ਰਾਜਵੰਤ ਕੌਰ ਵਾਸੀ ਫੌਜੀ ਕਲੋਨੀ (ਰਣਧੀਰਪੁਰ), ਸੁਲਤਾਨਪੁਰ ਲੋਧੀ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਉਕਤ ਔਰਤ ਨੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਸ਼ਿਕਾਇਤ ਦਰਜ ਕਰਵਾਈ ਸੀ।

 

 

 

ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਨੇ ਆਨਲਾਈਨ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਲੜਕੇ ਨੂੰ ਛੱਡਣ ਬਦਲੇ 2,50,000 ਰੁਪਏ ਰਿਸ਼ਵਤ ਵਜੋਂ ਮੰਗੇ ਸਨ, ਜਿਸ ਨੂੰ ਉਨ੍ਹਾਂ ਵੱਲੋਂ ਥਾਣੇ ਵਿੱਚ ਨਜਾਇਜ਼ ਤੌਰ 'ਤੇ ਬੰਦ ਕੀਤਾ ਗਿਆ ਸੀ ਪਰ ਸੌਦਾ 50,000 ਰੁਪਏ ਵਿੱਚ ਸਿਰੇ ਚੜ੍ਹਿਆ ਅਤੇ ਉਕਤ ਮੁਲਾਜ਼ਮਾਂ ਨੇ ਉਸਦੇ ਲੜਕੇ ਨੂੰ 20 ਘੰਟੇ ਬਾਦ ਪੈਸੇ ਲੈ ਕੇ ਛੱਡਿਆ।

 

 

 

 

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਸ਼ਿਕਾਇਤ ਦੀ ਜਾਂਚ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਔਰਤ ਅਤੇ ਹੋਰਾਂ ਤੋਂ ਉਕਤ ਔਰਤ ਦੇ ਲੜਕੇ ਨੂੰ ਰਿਹਾਅ ਕਰਨ ਲਈ 50,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

 

 

 

ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 347, 389, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਸੀ।

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
Related News
ताज़ा खबर
e-Paper

Readership: 295663