ਰਾਜਪੁਰਾ {JNN} ਰਾਜਪੁਰਾ-ਚੰਡੀਗੜ੍ਹ ਰੋਡ ਉੱਤੇ ਸਥਿੱਤ ਪ੍ਰਾਈਮ ਸਿਨੇਮਾ ਸ਼ਾਪਿੰਗ ਮਾਲ ਵਿਚ ਬਿਨਾਂ ਮਨਜ਼ੂਰੀ ਤੋਂ ਆਪਣੇ ਗਾਣੇ ਦੀ ਸ਼ੂਟਿੰਗ ਕਰਨ ਪਹੁੰਚੇ ਪ੍ਰਸਿੱਧ ਪੰਜਾਬੀ ਕਲਾਕਾਰ ਗੁਰਨਾਮ ਭੁੱਲਰ, ਸ਼ਾਪਿੰਗ ਮਾਲ ਦੇ ਮਾਲਕ ਤੇ ਵੀਡਿਓਗ੍ਰਾਫਰ 'ਤੇ ਐਪੀਡੈਮਿਕ ਐਕਟ ਦੀ ਉਲੰਘਣਾ ਕਰਨ ਦੇ ਚਲਦਿਆਂ ਥਾਣਾ ਸਦਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਦੇ ਅਨੁਸਾਰ ਗੁਰਨਾਮ ਭੁੱਲਰ ਇਥੋਂ ਦੇ ਪ੍ਰਾਈਮ ਸਿਨੇਮਾ ਵਿੱਚ ਆਪਣੀ ਟੀਮ ਦੇ ਨਾਲ ਗਾਣੇ ਦੀ ਸ਼ੂਟਿੰਗ ਕਰਨ ਪਹੁੰਚੇ ਸਨ। ਜਿਸ ਤੇ ਇਸ ਦੋਰਾਨ ਗੁਰਨਾਮ ਭੁੱਲਰ ਵੱਲੋਂ ਨਾ ਤਾਂ ਆਪਣੇ ਗਾਣੇ ਦੀ ਸ਼ੂਟਿੰਗ ਕਰਨ ਦੇ ਲਈ ਪੁਲਿਸ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਗਈ ਸੀ ਤੇ ਕੋਵਿਡ-19 ਦੇ ਸਮਾਜਿਕ ਦੂਰੀ ਤੇ ਹੋਰਨਾਂ ਨਿਯਮਾਂ ਦੀ ਅਣਦੇਖੀ ਕਰਨ ਦੇ ਚਲਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ। ਜਿਸ ਤੇ ਇਸ ਗੱਲ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਐੱਸ ਐੱਚ ਓ ਕਰਨਵੀਰ ਸਿੰਘ ਸੰਧੂ, ਪੁਲਿਸ ਚੌਕੀ ਜਨਸੂਆ ਇੰਚਾਰਜ ਥਾਣੇਦਾਰ ਨਿਸ਼ਾਨ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚੇ ਤਾਂ ਉਥੇ ਕਲਾਕਾਰ ਗੁਰਨਾਮ ਭੁੱਲਰ ਤੇ ਪ੍ਰਾਈਮ ਸਿਨੇਮਾ ਦੇ ਮਾਲਕ ਤੋਂ ਗਾਣੇ ਦੀ ਸ਼ੂਟਿੰਗ ਸਬੰਧੀ ਮਨਜ਼ੂਰੀ ਬਾਰੇ ਪੁੱਛਿਆ ਗਿਆ ਤਾਂ ਉਹ ਕਿਸੇ ਵੀ ਤਰ੍ਹਾਂ ਦੀ ਪੁਲਿਸ ਪ੍ਰਸ਼ਾਸਨ ਤੋਂ ਮਨਜ਼ੂਰੀ ਨਹੀਂ ਦਿਖਾ ਸਕੇ ਅਤੇ ਇਸ ਤਰ੍ਹਾਂ ਸਮਾਜਿਕ ਦੂਰੀ ਨਾ ਬਣਾ ਕੇ ਕੋਵਿਡ-19 ਦੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਜਿਸ ਤੇ ਸਦਰ ਪੁਲਿਸ ਵੱਲੋਂ ਕਲਾਕਾਰ ਗੁਰਨਾਮ ਭੁੱਲਰ, ਵੀਡਿਓਗ੍ਰਾਫਰ ਖੁਸ਼ਪਾਲ ਸਿੰਘ ਤੇ ਪ੍ਰਾਈਮ ਸਿਨੇੇਮਾ ਦੇ ਮਾਲਕ ਦੇ ਖ਼ਿਲਾਫ਼ ਐਪੀਡੈਮਿਕ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।